ਕੈਨੇਡਾ ਜਾਣ ਵਾਲੇ ਪੰਜਾਬੀਆਂ ਲਈ ਚੰਗੀ ਖ਼ਬਰ ਹੈ। ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਤੋਂ ਛੇਤੀ ਹੀ ਕੈਨੇਡਾ ਲਈ ਦੋ ਚਾਰਟਰ ਉਡਾਣਾਂ ਸ਼ੁਰੂ ਹੋ ਜਾਣਗੀਆਂ। ਕੈਨੇਡਾ ਦੇ ਦੋ ਸ਼ਹਿਰਾਂ ਲਈ ਆਪਣੀਆਂ ਚਾਰਟਰ ਉਡਾਣਾਂ ਸ਼ੁਰੂ ਕਰਨ ਲਈ ਇਕ ਨਿੱਜੀ ਕੰਪਨੀ ਨੇ ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਨਾਲ ਸੰਪਰਕ ਕੀਤਾ ਹੈ। ਇਸ ਦੇ ਲਈ ਅਧਿਕਾਰੀਆਂ ਨੇ ਮਨਜ਼ੂਰੀ ਦੇ ਦਿੱਤੀ ਹੈ।
ਕੈਨੇਡਾ ਦੀ ਕੰਪਨੀ ਡੌਗਵਰਕਸ ਇੰਟਰਨੈਸ਼ਨਲ ਕੈਪੀਟਲ ਕਾਰਪੋਰੇਸ਼ਨ ਨੇ ਚੰਡੀਗੜ੍ਹ ਇੰਟਰਨੈਸ਼ਨਲ ਏਅਰਪੋਰਟ ਤੋਂ ਟੋਰਾਂਟੋ ਅਤੇ ਵੈਨਕੂਵਰ ਲਈ ਸਿੱਧੀਆਂ ਚਾਰਟਰ ਉਡਾਣਾਂ ਸ਼ੁਰੂ ਕਰਨ ਦਾ ਪ੍ਰਸਤਾਵ ਦਿੱਤਾ ਹੈ। ਇਸ ਤੋਂ ਪਹਿਲਾਂ, ਫਲਾਈਪੌਪ ਏਅਰਲਾਈਨਜ਼ ਨੇ ਅਕਤੂਬਰ ਤੋਂ ਸ਼ਹਿਰ ਤੋਂ ਲੰਡਨ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਪੇਸ਼ਕਸ਼ ਕੀਤੀ ਸੀ।
ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦੇ ਮੁੱਖ ਕਾਰਜਕਾਰੀ ਅਧਿਕਾਰੀ ਰਾਕੇਸ਼ ਰੰਜਨ ਨੇ ਕਿਹਾ ਕਿ ਕੈਨੇਡੀਅਨ ਕੰਪਨੀ ਨੇ ਕੈਨੇਡਾ ਦੇ ਦੋ ਸ਼ਹਿਰਾਂ ਲਈ ਚਾਰਟਰ ਉਡਾਣਾਂ ਸ਼ੁਰੂ ਕਰਨ ਲਈ ਸਾਡੇ ਨਾਲ ਸੰਪਰਕ ਕੀਤਾ ਹੈ। ਅਸੀਂ ਉਨ੍ਹਾਂ ਨੂੰ ਹਰੀ ਝੰਡੀ ਦੇ ਦਿੱਤੀ ਹੈ ਅਤੇ ਹੁਣ ਅਸੀਂ ਅੰਤਮ ਮਨਜ਼ੂਰੀ ਦੀ ਉਡੀਕ ਕਰ ਰਹੇ ਹਾਂ।
ਸ਼ੁਰੂਆਤ ਚ 200 ਸੀਟਾਂ ਵਾਲਾ ਇਹ ਜਹਾਜ਼ ਲਗਭਗ ਤਿੰਨ ਮਹੀਨੇ ਤੱਕ ਸੀਜਨਲ ਉਡਾਣਾਂ ਦਾ ਕੰਮ ਕਰੇਗਾ ਪਰ ਬਾਅਦ ਚ ਯਾਤਰੀਆਂ ਦੇ ਹੁੰਗਾਰੇ ਨੂੰ ਦੇਖਦੇ ਹੋਏ ਇਸ ਦੀ ਆਵਾਜਾਈ ਅਤੇ ਉਡਾਣ ਸਮਰੱਥਾ ਚ ਵਾਧਾ ਕੀਤਾ ਜਾਵੇਗਾ। 11 ਸਤੰਬਰ 2015 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਡੀਗੜ੍ਹ ਕੌਮਾਂਤਰੀ ਹਵਾਈ ਅੱਡੇ ਦਾ ਉਦਘਾਟਨ ਕੀਤਾ।
ਹਵਾਈ ਅੱਡੇ ਨੂੰ ਬਣਿਆਂ 6 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਪਰ ਫਿਰ ਵੀ ਇੱਥੋਂ ਸਿਰਫ਼ ਦੋ ਕੌਮਾਂਤਰੀ ਉਡਾਣਾਂ ਹੀ ਚੱਲ ਰਹੀਆਂ ਹਨ। ਹੁਣ ਹਵਾਈ ਅੱਡੇ ਤੋਂ ਸ਼ਾਰਜਾਹ ਅਤੇ ਦੁਬਈ ਲਈ ਸਿੱਧੀਆਂ ਉਡਾਣਾਂ ਹੀ ਹਨ, ਜਿਨ੍ਹਾਂ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਕਈ ਵਾਰ ਰੋਕਿਆ ਗਿਆ ਸੀ। ਦੁਬਈ ਦੀ ਉਡਾਣ ਹਫ਼ਤੇ ਵਿੱਚ 7 ਦਿਨ ਚੱਲਦੀ ਹੈ ਜਦਕਿ ਸ਼ਾਰਜਾਹ ਦੀ ਉਡਾਣ ਹਫ਼ਤੇ ਵਿੱਚ 2 ਵਾਰ ਚੱਲਦੀ ਹੈ।