5G ਸਪੈਕਟ੍ਰਮ ਨਿਲਾਮੀ ਦੀ ਪ੍ਰਕਿਰਿਆ ਖਤਮ ਹੋ ਗਈ ਹੈ। ਅਜਿਹੀ ਸਥਿਤੀ ਵਿੱਚ, ਪਹਿਲਾ ਸਵਾਲ ਇਹ ਉੱਠਦਾ ਹੈ ਕਿ 5G ਸੇਵਾ ਕਦੋਂ ਵਰਤੋਂ ਲਈ ਉਪਲਬਧ ਹੋਵੇਗੀ। ਨਿਲਾਮੀ ਪ੍ਰਕਿਰਿਆ ਤੋਂ ਬਾਅਦ ਇਕ ਸਵਾਲ ਦੇ ਜਵਾਬ ਵਿਚ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਸਪੈਕਟ੍ਰਮ ਵੰਡ ਦਾ ਕੰਮ ਅਗਲੇ 10 ਦਿਨਾਂ ਵਿਚ ਪੂਰਾ ਹੋ ਜਾਵੇਗਾ। ਇਸ ਤੋਂ ਬਾਅਦ ਅਕਤੂਬਰ ਤੋਂ ਦੇਸ਼ ਚ 5G ਸੇਵਾ ਸ਼ੁਰੂ ਕੀਤੀ ਜਾ ਸਕਦੀ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਅਗਲੇ ਦੋ-ਤਿੰਨ ਸਾਲਾਂ ਵਿੱਚ ਦੇਸ਼ ਭਰ ਵਿੱਚ 5G ਸੇਵਾ ਦਾ ਮਹੱਤਵਪੂਰਨ ਵਿਸਤਾਰ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਕੰਪਨੀਆਂ ਕੋਲ ਸਪੈਕਟ੍ਰਮ ਦੀ ਕੋਈ ਕਮੀ ਨਹੀਂ ਹੋਵੇਗੀ, ਜਿਸ ਨਾਲ ਸੇਵਾ ਦੀ ਗੁਣਵੱਤਾ ਵਿੱਚ ਸੁਧਾਰ ਹੋਵੇਗਾ।
ਇਨ੍ਹਾਂ ਸ਼ਹਿਰਾਂ ਨੂੰ ਪਹਿਲਾਂ 5G ਸੇਵਾਵਾਂ ਮਿਲਣਗੀਆਂ
ਦੂਰਸੰਚਾਰ ਵਿਭਾਗ (DoT) ਦੀ ਰਿਪੋਰਟ ਮੁਤਾਬਕ ਭਾਰਤ ਦੇ 13 ਸ਼ਹਿਰਾਂ ਚ ਸਭ ਤੋਂ ਪਹਿਲਾਂ 5G ਸੇਵਾ ਸ਼ੁਰੂ ਕੀਤੀ ਜਾਵੇਗੀ। ਜਿਨ੍ਹਾਂ ਸ਼ਹਿਰਾਂ ਵਿੱਚ ਲੋਕਾਂ ਨੂੰ ਪਹਿਲਾਂ 5G ਕਨੈਕਟੀਵਿਟੀ ਮਿਲੇਗੀ, ਉਨ੍ਹਾਂ ਵਿੱਚ ਅਹਿਮਦਾਬਾਦ, ਬੰਗਲੁਰੂ, ਚੰਡੀਗੜ੍ਹ, ਚੇਨਈ, ਦਿੱਲੀ, ਗਾਂਧੀਨਗਰ, ਗੁਰੂਗ੍ਰਾਮ, ਹੈਦਰਾਬਾਦ, ਜਾਮਨਗਰ, ਕੋਲਕਾਤਾ, ਲਖਨਊ, ਮੁੰਬਈ ਅਤੇ ਪੁਣੇ ਸ਼ਾਮਲ ਹਨ।
ਕਿਹੜੀ ਟੈਲੀਕਾਮ ਕੰਪਨੀ ਪਹਿਲਾਂ ਦੇਵੇਗੀ 5G ਸਰਵਿਸ?
ਜੀਓ ਦਾਅਵਾ ਕਰ ਰਿਹਾ ਹੈ ਕਿ ਦੇਸ਼ ਵਿੱਚ 5G ਸੇਵਾ ਸ਼ੁਰੂ ਕਰਨ ਵਾਲੀ ਇਹ ਪਹਿਲੀ ਕੰਪਨੀ ਹੋ ਸਕਦੀ ਹੈ। ਹਾਲਾਂਕਿ, ਏਅਰਟੈੱਲ ਇਸ ਮਾਮਲੇ ਵਿੱਚ ਪਿੱਛੇ ਨਹੀਂ ਰਹੇਗੀ। ਦਰਅਸਲ ਤਿੰਨਾਂ ਕੰਪਨੀਆਂ ਜਿਓ, ਏਅਰਟੈੱਲ ਅਤੇ ਵੋਡਾਫੋਨ-ਆਈਡੀਆ ਦਾ 5G ਨੈੱਟਵਰਕ ਪੂਰੀ ਤਰ੍ਹਾਂ ਤਿਆਰ ਹੈ। ਇਸ ਦੇ ਨਾਲ ਹੀ ਤਿੰਨਾਂ ਕੰਪਨੀਆਂ ਨੇ 5G ਦਾ ਟ੍ਰਾਇਲ ਵੀ ਪੂਰਾ ਕਰ ਲਿਆ ਹੈ।
5G ਨੈੱਟਵਰਕ ਦੀ ਕੀਮਤ ਹੋਵੇਗੀ ਘੱਟ
ਜੀਓ ਦਾਅਵਾ ਕਰ ਰਿਹਾ ਹੈ ਕਿ ਉਹ ਭਾਰਤ ਵਿੱਚ ਸਭ ਤੋਂ ਸਸਤੀ ਕੀਮਤ ‘ਤੇ 5G ਸੇਵਾ ਦੀ ਪੇਸ਼ਕਸ਼ ਕਰ ਸਕਦਾ ਹੈ। ਇਸ ਦੇ ਨਾਲ ਹੀ ਕੇਂਦਰੀ ਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ 5G ਸੇਵਾ ਸਸਤੀ ਦਰ ਨਾਲ ਸ਼ੁਰੂ ਕੀਤੀ ਜਾ ਸਕਦੀ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ 5G ਸੇਵਾ ਦੀ ਸਪੀਡ 4G ਤੋਂ 10 ਗੁਣਾ ਜ਼ਿਆਦਾ ਹੋਵੇਗੀ।